ਲਿੱਸੇ ਤੇ ਕਮਜ਼ੋਰ ਨਿਤਾਣੇ ਲੋਕਾਂ ਦੀ ਆਵਾਜ਼ ਵਾਲਾ ਲੇਖਕ ਸੀ ਪ੍ਰੇਮ ਗੋਰਖੀ - ਗੁਰਭਜਨ ਗਿੱਲ

ਲਿੱਸੇ ਤੇ ਕਮਜ਼ੋਰ ਨਿਤਾਣੇ ਲੋਕਾਂ ਦੀ ਆਵਾਜ਼ ਵਾਲਾ ਲੇਖਕ ਸੀ ਪ੍ਰੇਮ ਗੋਰਖੀ – ਗੁਰਭਜਨ ਗਿੱਲ

ਲੁਧਿਆਣਾ: 26 ਅਪਰੈਲ (ਜਸਵੀਰ ਸਿੰਘ ਮਣਕੂ) – ਲਾਡੋਵਾਲੀ(ਜਲੰਧਰ) ਪਿੰਡ ਦੇ ਜੰਮਪਲ ਤੇ ਸਮਰੱਥ ਕਹਾਣੀਕਾਰ ਪ੍ਰੇਮ ਗੋਰਖੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਲੋਕ ਸਭਿਆਚਾਰ ਅਕਾਡਮੀ ਦੇ ਚੇਅਰਮੈਨ ਤੇ ਗੋਰਖੀ ਦੇ ਪੁਰਾਣੇ ਮਿੱਤਰ ਗੁਰਭਜਨ ਗਿੱਲ ਨੇ ਕਿਹਾ ਹੈ ਕਿ ਸਾਡੇ ਵੱਡੇ ਵੀਰ ਤੇ ਲੇਖਕ ਪ੍ਰੋਮ ਗੋਰਖੀ ਦਾ ਅਚਨਚੇਤ ਚਲਾਣਾ ਬੇਹੱਦ ਦੁਖਦਾਈ ਹੈ।

ਸਾਡਾ ਵੀਰ ਪ੍ਰੇਮ ਗੋਰਖੀ ਬਣਨ ਤੋਂ ਪਹਿਲਾਂ ਨਿਮਾਣਾ ਤਲੱਖਸ ਨਾਲ ਜਾਣਿਆ ਜਾਣ ਲੱਗਾ ਅਤੇ ਸਾਰੀ ਉਮਰ ਅਭਿਮਾਨ ਮੁਕਤ ਨਿਮਾਣਾ ਹੀ ਰਿਹਾ। ਉਸ ਕੋਲ ਲਿੱਸੇ ਤੇ ਕਮਜ਼ੋਰ ਨਿਤਾਣੇ ਪਰਿਵਾਰਾਂ ਦਾ ਤਜ਼ਰਬਾ ਹੋਣ ਕਾਰਨ ਅੰਮ੍ਰਿਤਾ ਪ੍ਰੀਤਮ ਜੀ ਦਾ ਪਿਆਰ ਪਾਤਰ ਬਣਿਆ।

ਪੱਤਰਕਾਰੀ ਵਿੱਚ ਆਉਣ ਤੋਂ ਪਹਿਲਾਂ ਉਹ ਲਾਇਲਪੁਰ ਖਾਲਸਾ ਕਾਲਿਜ ਚ ਕਰਮਚਾਰੀ ਸੀ ਜਿੱਥੇ ਉਸ ਸਮੇਂ ਦੇ ਵਿਦਿਆਰਥੀਆਂ ਸ: ਬਰਜਿੰਦਰ ਸਿੰਘ ਹਮਦਰਦ, ਡਾ: ਸ ਪ ਸਿੰਘ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਰਾਜਿੰਦਰ ਸਿੰਘ ਚੀਮਾ ਪ੍ਰੋ: ਪਰਬਿੰਦਰ ਸਿੰਘ ਤੇ ਅਮਰਜੀਤ ਚੰਦਨ ਨੇ ਉਸ ਨੂੰ ਸਾਹਿੱਤ ਤੇ ਸਮਾਜਿਕ ਸਰੋਕਾਰਾਂ ਨਾਲ ਜੋੜਿਆ।

ਪ੍ਰੇਮ ਗੋਰਖੀ ਨੇ ਦਲਿਤ ਸਮਾਜ ਦੇ ਅਣਗੌਲੇ ਜਨ ਜੀਵਨ ਨੂੰ ਆਪਣੀਆਂ ਲਿਖਤਾਂ ਵਿੱਚ ਪੇਸ਼ ਕੀਤਾ। ਰੋਜ਼ਾਨਾ ਅਜੀਤ ਵਿੱਚ ਪਰੁਫ਼ ਰੀਡਰ ਤੋਂ ਸਫ਼ਰ ਸ਼ੁਰੂ ਕਰਕੇ ਉਹ ਪੰਜਾਬੀ ਟ੍ਰਿਬਿਊਨ ਵਿੱਚ ਲੰਮਾ ਸਮਾਂ ਰਹੇ ਤੇ ਸੇਵਾ ਮੁਕਤੀ ਉਪਰੰਤ ਦੇਸ਼ ਸੇਵਕ ਅਖ਼ਬਾਰ ਦੇ ਸਾਹਿੱਤ ਸੰਪਾਦਕ ਬਣੇ।

ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਮਿੱਟੀ ਰੰਗੇ ਲੋਕ ਤੇ ਦ੍ਰਿਸ਼ਟੀ ਚ ਛਪੇ ਨਾਵਲੈੱਟ ‘ਤਿੱਤਰ-ਖੰਭੀ ਜੂਹ’ ਨਾਲ ਉਹ ਪੰਜਾਬੀ ਸਾਹਿਤ ਜਗਤ ਵਿਚ ਪਛਾਣ ਸਥਾਪਤ ਕਰਨ ਚ ਕਾਮਯਾਬ ਹੋਏ।
ਉਨ੍ਹਾਂ ਦੀਆਂ ਹੋਰ ਲਿਖਤਾਂ ਵਿੱਚ ਮਿੱਟੀ ਰੰਗੇ ਲੋਕ,ਜੀਣ ਮਰਨ, ਅਰਜਨ ਸਫੈਦੀ ਵਾਲਾ, ਧਰਤੀ ਪੁੱਤਰ ਤੇ ਜੈਨਰੇਸ਼ਨ ਗੈਪ ਪ੍ਰਮੁੱਖ ਸਨ। ਤਿੱਤਰ ਖੰਭੀ ਜੂਹ ਤੋਂ ਬਾਦ ਉਨ੍ਹਾਂ ਦੇ ਦੋ ਹੋਰ ਨਾਵਲਿਟ ਬੁੱਢੀ ਰਾਤ ਤੇ ਸੂਰਜ ਅਤੇ ਵਣ ਬੇਲਾ ਵੀ ਛਪੇ। ਦਰਦ ਪਰੁੱਚੀ ਜੀਵਨ ਯਾਤਰਾ ਅਧਾਰਿਤ ਪੁਸਤਕ ਗੈਰਹਾਜ਼ਰ ਆਦਮੀ ਪਹਿਲਾਂ ਨਾਗਮਣੀ ਚ ਲੜੀਵਾਰ ਛਪਿਆ ਤੇ ਮਗਰੋਂ ਪੁਸਤਕ ਰੂਪ ਵਿੱਚ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਉਸ ਨੂੰ ਸਾਹਿੱਤ ਜਗਤ ਚ ਪ੍ਰੇਰਨਾ ਦੇਣ ਵਾਲੇ ਡਾ: ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਡਾ: ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜਪ੍ਰੀਤ ਸਿੰਘ ਮਾਂਗਟ, ਤਰਨਜੀਤ ਸਿੰਘ ਰਿੰਪੀ ਸੰਪਾਦਕ ਸੰਗੀਤ ਦਰਪਨ, ਰਾਜਦੀਪ ਤੂਰ, ਪ੍ਰਭਜੋਤ ਸੋਹੀ ਤੇ ਅਮਨਦੀਪ ਸਿੰਘ ਫੱਲ੍ਹੜ ਨੇ ਪ੍ਰੇਮ ਗੋਰਖੀ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Leave your comment
Comment
Name
Email